‘ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ’ ਵੱਲੋਂ ‘ਪੰਜਾਬੀ ਲਿਖਤ ਕਾਰਜਸ਼ਾਲਾ’ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ

ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ‘ਪੋਸਟ ਗ੍ਰੈਜੂਏਟ ਪੰਜਾਬੀ ਵਿਭਾਗ’ ਵੱਲੋਂ ‘ਪੰਜਾਬੀ ਲਿਖਤ ਕਾਰਜਸ਼ਾਲਾ’ ਦੇ ਸਿਰਲੇਖ ਹੇਠ ਦੋ ਰੋਜ਼ਾ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ। ਜਿਸ ਦਾ ਮੁੱਖ ਮੰਤਵ ਪੰਜਾਬੀ ਭਾਸ਼ਾ ਦਾ ਸ਼ੁੱਧ ਉਚਾਰਨ ਅਤੇ ਸ਼ਬਦ ਜੋੜਾਂ ਦੀ ਸਹੀ ਵਰਤੋਂ ਦੇ ਦੁਆਲੇ ਕੇਂਦਰਿਤ ਸੀ।
ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ.ਕੰਵਲਜੀਤ ਸਿੰਘ ਨੇ ਕਿਹਾ ਕਿ ਆਧੁਨਿਕ ਯੁੱਗ ਅੰਦਰ ਵਿਚਰਦਾ ਵਿਦਿਆਰਥੀ ਹੋਰ ਸੱਭਿਆਤਾਵਾਂ ਅਤੇ ਭਾਸ਼ਾਵਾਂ ਦੇ ਅਸਰ ਹੇਠ ਆਉਂਣ ਕਰਕੇ ਆਪਣੀ ਮੂਲ ਭਾਸ਼ਾ,ਸੱਭਿਆਚਾਰ ਅਤੇ ਇਤਿਹਾਸ ਤੋਂ ਇੱਕ ਵੱਡੀ ਵਿੱਥ ਸਥਾਪਿਤ ਕਰ ਚੁੱਕਾ ਹੈ। ਇਸ ਲਈ ਅੱਜ ਦੇ ਵਿਦਿਆਰਥੀ ਨੂੰ ਇਹ ਚਾਹੀਦਾ ਹੈ ਕਿ ਆਪਣੇ ਅਧਿਆਪਕ ਦੀ ਯੋਗ ਅਗਵਾਈ ਲੈਂਦੇ ਹੋਏ ਆਪਣੀ ਮੂਲ ਭਾਸ਼ਾ ਦੇ ਸ਼ੁੱਧ ਰੂਪ ਨਾਲ ਜੁੜ ਸਕੇ ਤਾਂ ਜੋ ਉਸ ਦੀ ਲਿਖਤ ਵਿੱਚੋਂ ਇੱਕ ਸੁਹਜਾਤਮਕ ਰੂਪ ਵੇਖਣ ਨੂੰ ਮਿਲ ਸਕੇ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਲੈਕਚਰ ਵਿੱਚ ਇਹ ਵੀ ਦੱਸਿਆ ਕਿ ਖਡੂਰ ਸਾਹਿਬ ਹੀ ਉਹ ਪਾਵਨ ਧਰਤੀ ਹੈ ਜਿੱਥੇ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਪਹਿਲਾ ਬਾਲ ਬੋਧ ਕਾਇਦਾ ਤਿਆਰ ਕਰਕੇ ਗੁਰਮੁਖੀ ਅੱਖਰਾਂ ਨੂੰ ਇੱਕ ਸਹੀ ਤਰਤੀਬ ਦਿੱਤੀ ਸੀ। ਇਸ ਦੇ ਨਾਲ-ਨਾਲ ਉਨ੍ਹਾਂ ਪੰਜਾਬੀ ਸਾਹਿਤ ਅੰਦਰ ਮਿਲਦੇ ‘ਗੁਰ ਸ਼ਬਦ ਰਤਨਾਕਰ ਮਹਾਨ ਕੋਸ਼’ ਅਤੇ ‘ਸ਼ਬਦ ਜੋੜ ਕੋਸ਼’ ਦੀ ਵਿਦਿਆਰਥੀ ਜੀਵਨ ਵਿੱਚ ਇੱਕ ਵੱਡੀ ਅਹਿਮੀਅਤ ਦੇ ਬਾਰੇ ਵੀ ਵਿਚਾਰ ਸਾਂਝੇ ਕੀਤੇ।
ਇਸ ਮੌਕੇ ਕਾਲਜ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਜੀ ਨੇ ਕਿਹਾ ਕਿ ਭਾਸ਼ਾਵਾਂ ਦੀ ਸ਼ੁੱਧਤਾ ਅਤੇ ਸਹੀ ਉਚਾਰਨ ਲਈ ਸਾਨੂੰ ਇਸ ਤਰ੍ਹਾਂ ਦੀਆਂ ਵਰਕਸ਼ਾਪਾਂ ਦਾ ਆਯੋਜਨ ਕਰਦੇ ਰਹਿਣਾ ਚਾਹੀਦਾ ਹੈ। ਉਨ੍ਹਾਂ ਆਪਣੇ ਲੈਕਚਰ ਵਿੱਚ ਇਹ ਵੀ ਕਿਹਾ ਕਿ ਸਮਾਜ ਵਿੱਚ ਵਿਚਰਦਿਆਂ ਨੋਟਿਸ ਬੋਰਡਾਂ, ਇਸ਼ਤਿਹਾਰਾਂ, ਕਿਤਾਬਾਂ ਅਤੇ ਅਰਜ਼ੀਆਂ ਵਿੱਚ ਸ਼ਬਦ ਜੋੜਾਂ ਦੀ ਇੱਕ ਵੱਡੀ ਸਮੱਸਿਆ ਵੇਖਣ ਨੂੰ ਮਿਲਦੀ ਹੈ। ਇਸ ਲਈ ਇਸ ਸੰਸਥਾ ਦੀ ਇੱਕ ਵੱਡੀ ਜਿੰਮੇਵਾਰੀ ਇਹ ਬਣਦੀ ਹੈ ਕਿ ਇੱਥੇ ਪੰਜਾਬੀ ਭਾਸ਼ਾ ਦਾ ਸ਼ੁੱਧ ਉਚਾਰਨ ਅਤੇ ਲਿਖਤ ਬਿਨਾਂ ਤਰੁਟੀਆਂ ਤੋਂ ਹੋਵੇ। ਇਸ ਦਾ ਅਮਲੀ ਰੂਪ ਉਨ੍ਹਾਂ ਨੇ ਵਿਦਿਆਰਥੀਆਂ ਕੋਲੋਂ ਪ੍ਰਸ਼ਨ ਉੱਤਰਾਂ ਦੇ ਸਿਲਸਿਲੇ ਰਾਹੀਂ ਵੀ ਕੀਤਾ।ਇਸ ਤੋਂ ਇਲਾਵਾ ਉਨ੍ਹਾਂ ਨੇ ਇਸ ਵਰਕਸ਼ਾਪ ਨੂੰ ਆਯੋਜਿਤ ਕਰਨ ਤੇ ਸਬੰਧਿਤ ਅਧਿਆਪਕ ਸਾਹਿਬਾਨ ਦੀ ਖ਼ੂਬ ਸਰਾਹਨਾ ਕੀਤੀ।
ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ ਨੇ ਵੀ ਇਨ੍ਹਾਂ ਯੋਗ ਕਾਰਜਾਂ ਦੇ ਆਯੋਜਿਤ ਕਰਨ ਤੇ ਸਬੰਧਿਤ ਅਧਿਆਪਕ ਸਾਹਿਬਾਨ ਨੂੰ ਸ਼ੁੱਭ ਕਾਮਨਾਵਾਂ ਅਤੇ ਵਧਾਈ ਦਿੱਤੀ।
ਇੱਥੇ ਵਰਕਸ਼ਾਪ ਦੇ ਨਾਲ-ਨਾਲ ‘ਸੁੰਦਰ ਲਿਖਾਈ’ ਦੇ ਮੁਕਾਬਲੇ ਵੀ ਕਰਵਾਏ ਗਏ ਜਿਸ ਵਿੱਚੋਂ ਪਹਿਲਾ ਸਥਾਨ ਮਨਮੀਤ ਕੌਰ (ਬੀ.ਕਾਮ )
ਦੂਜਾ ਸਥਾਨ ਸਿਮਰਨਜੀਤ ਕੌਰ (ਬੀ.ਕਾਮ) ਅਤੇ ਤੀਸਰਾ ਸਥਾਨ ਨਿਸ਼ਾਨ ਸਿੰਘ (ਬੀ.ਏ) ਨੇ ਹਾਸਿਲ ਕੀਤਾ। ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਪ੍ਰਿੰਸੀਪਲ ਸਾਹਿਬ ਵੱਲੋਂ ਇਨਾਮ ਵੀ ਤਕਸੀਮ ਕੀਤੇ ਗਏ।
ਇਸ ਸਮੇਂ ਮੰਚ ਸੰਚਾਲਨ ਦੀ ਭੂਮਿਕਾ ਪ੍ਰੋ.ਮੇਜਰ ਸਿੰਘ ਵੱਲੋਂ ਨਿਭਾਈ ਗਈ।
ਇਸ ਮੌਕੇ ਪ੍ਰੋ.ਰੋਹਿਤ ਸ਼ਰਮਾ(ਵਾਇਸ ਪ੍ਰਿੰਸੀਪਲ),ਡਾ.ਸਤਿੰਦਰ ਕੌਰ, ਡਾ.ਜਤਿੰਦਰ ਕੌਰ, ਡਾ.ਸੁਖਬੀਰ ਕੌਰ, ਪ੍ਰੋ.ਮਨਪ੍ਰੀਤ ਕੌਰ, ਪ੍ਰੋ.ਜਸਮੀਤ ਸਿੰਘ ਆਦਿ ਹਾਜ਼ਰ ਰਹੇ।

Leave a Reply

Your email address will not be published. Required fields are marked *