
ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੀਆਂ ਤਿੰਨ ਅਥਲੀਟਾਂ ਨੇ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਜਿੱਤੇ ਤਗਮੇ
ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਸ੍ਰੀ ਗੁਰੂ ਅੰਗਦ ਦੇਵ ਕਾਲਜ,ਖਡੂਰ ਸਾਹਿਬ ਵਿੱਚ ਉਸ ਸਮੇਂ ਖੁਸ਼ੀ ਦੀ ਲਹਿਰ ਦੌੜ ਗਈ ਜਦੋਂ ਕਾਲਜ ਦੇ ਸਰੀਰਿਕ ਸਿੱਖਿਆ ਵਿਭਾਗ ਦੀਆਂ ਤਿੰਨ ਅਥਲੀਟਾਂ ਨੇ ਤਗਮੇ ਜਿੱਤ ਕੇ ਕਾਲਜ ਦੀ ਝੋਲੀ ਪਾਏ। ਸਰੀਰਿਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ.ਸਰਤਾਜ ਸਿੰਘ ਛੀਨਾ ਨੇ ਦੱਸਿਆ ਕਿ ਇਹ ਬੜੇ ਮਾਣ ਵਾਲੀ ਗੱਲ ਹੈ ਕਿ ਤਰਨ ਤਾਰਨ ਵਿਖੇ ਹੋਏ ਜ਼ਿਲ੍ਹਾ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ 8 ਕਿਲੋਮੀਟਰ ਕਰਾਸਕੰਟਰੀ ਵਿੱਚੋਂ ਬੀ.ਏ. ਸਮੈਸਟਰ ਤੀਜਾ ਦੀ ਵਿਦਿਆਰਥਣ ਸੁਖਮਨਪ੍ਰੀਤ ਕੌਰ ਨੇ ਸੋਨ ਤਗਮਾ ਅਤੇ ਗਿਆਰ੍ਹਵੀਂ ਜਮਾਤ ਦੀ ਜਸ਼ਨਪ੍ਰੀਤ ਕੌਰ ਨੇ ਚਾਂਦੀ ਦਾ ਤਗਮਾ ਜਿੱਤਿਆ। ਇਸ ਤੋਂ ਬਿਨਾਂ ਬੀ.ਏ. ਸਮੈਸਟਰ ਤੀਜਾ ਦੀ ਰਾਜਨਦੀਪ ਕੌਰ ਨੇ 10 ਕਿਲੋਮੀਟਰ ਕਰਾਸਕੰਟਰੀ ਵਿੱਚੋਂ ਚਾਂਦੀ ਦਾ ਤਗਮਾ ਜਿੱਤਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਥਲੀਟਾਂ ਨੇ ਕਿਹਾ ਕਿ ਉਨ੍ਹਾਂ ਨੂੰ ਖੁਸ਼ੀ ਹੈ ਕਿ ਉਹ ਜ਼ਿਲ੍ਹਾ ਭਰ ਵਿੱਚ ਪਹਿਲੇ ਦੂਜੇ ਸਥਾਨ ਹਾਸਿਲ ਕਰਕੇ ਕਾਲਜ ਦਾ ਨਾਮ ਰੌਸ਼ਨ ਕਰ ਸਕੇ ਹਨ। ਇਸ ਮੌਕੇ ਪ੍ਰਿੰਸੀਪਲ ਡਾ.ਬਲਵੰਤ ਸਿੰਘ ਸੰਧੂ ਨੇ ਪ੍ਰੋ.ਸਰਤਾਜ ਸਿੰਘ ਛੀਨਾ,ਪ੍ਰੋ.ਵੀਰੋ ਕੌਰ ਅਤੇ ਅਥਲੈਟਿਕ ਕੋਚ ਲਖਵੰਤ ਸਿੰਘ ਨੂੰ ਮੁਬਾਰਕਬਾਦ ਦਿੱਤੀ। ਉਨ੍ਹਾਂ ਇਸ ਤੋਂ ਇਲਾਵਾ ਇਹ ਵੀ ਆਖਿਆ ਕਿ ਪਿਛਲੇ ਸਮਿਆਂ ਵਿੱਚ ਕਾਲਜ ਨੇ ਖੇਡ ਪ੍ਰਾਪਤੀਆਂ ਵਿੱਚ ਖਾਸ ਮੁਕਾਮ ਹਾਸਲ ਕੀਤਾ ਹੈ ਤੇ ਹੁਣ ਫਿਰ ਖੇਡਾਂ ਦਾ ਮਾਹੌਲ ਆਪਣੀ ਸਿਖਰ ਵਲ ਵੱਧ ਰਿਹਾ ਹੈ। ਉਨ੍ਹਾਂ ਨੇ ਖਿਡਾਰੀਆਂ ਨੂੰ ਭਵਿੱਖ ਵਿੱਚ ਵੀ ਮੱਲਾਂ ਮਾਰਨ ਲਈ ਉਤਸ਼ਾਹਿਤ ਕੀਤਾ। ਕਾਲਜ ਦੇ ਜਰਨਲ ਸਕੱਤਰ ਸ੍ਰ.ਹਰਨੰਦਨ ਸਿੰਘ ਜੀ ਨੇ ਵੀ ਜੇਤੂ ਰਹਿਣ ਵਾਲੀਆਂ ਖਿਡਾਰਣਾਂ ਨੂੰ ਮੁਬਾਰਕਬਾਦ ਦਿੱਤੀ। ਇਸ ਮੌਕੇ ਪ੍ਰੋ.ਰੋਹਿਤ ਸ਼ਰਮਾ,ਡਾ.ਜਤਿੰਦਰ ਸਿੰਘ ਸਿੱਧੂ,ਡਾ.ਰਮਨਦੀਪ ਕੌਰ, ਪ੍ਰੋ.ਪੁਨੀਤ ਕੌਰ,ਪ੍ਰੋ.ਰਵਨੀਤ ਕੌਰ,ਪ੍ਰੋ.ਰੂਥਪਾਲ ਕੌਰ,ਪ੍ਰੋ.ਦਲਜੀਤ ਕੌਰ ਅਤੇ ਸੁਪਰੀਡੈਂਟ ਸ੍ਰ ਗੁਰਮੀਤ ਸਿੰਘ ਹਾਜ਼ਰ ਸਨ।
