Principal Message

(ਡਾ. ਬਲਵੰਤ ਸਿੰਘ ਸੰਧੂ)

ਅਜੋਕੇ ਦੌਰ ਵਿਚ ਹਰ ਮਾਤਾ ਪਿਤਾ ਦੀ ਸਭ ਤੋਂ ਵੱਡੀ ਚਿੰਤਾ ਆਪਣੇ ਬੱਚਿਆਂ ਨੂੰ ਅਜਿਹੀ ਸੰਸਥਾ ਵਿੱਚ ਪੜ੍ਹਾਉਣ ਦੀ ਹੈ, ਜਿੱਥੇ ਉਨ੍ਹਾਂ ਦੇ ਬੱਚੇ ਆਪਣਾ ਸਰਵਪੱਖੀ ਵਿਕਾਸ ਕਰ ਸਕਣ ਅਤੇ ਆਪਣੇ ਆਪ ਨੂੰ ਸਮਾਜਿਕ ਬੁਰਾਈਆਂ ਤੋਂ ਸੁਰੱਖਿਅਤ ਰੱਖ ਸਕਣ। ‘ਸ੍ਰੀ ਗੁਰੂ ਅੰਗਦ ਦੇਵ ਕਾਲਜ’, ਖਡੂਰ ਸਾਹਿਬ ਇੱਕ ਅਜਿਹੀ ਹੀ ਸੰਸਥਾ ਹੈ। ਵਿੱਦਿਆ ਦੀ ਮਹੱਤਤਾ ਅਤੇ ਇਲਾਕੇ ਦੀ ਲੋੜ ਸਮਝਦਿਆਂ ਬਾਬਾ ਉੱਤਮ ਸਿੰਘ ਜੀ ਕਾਰ ਸੇਵਾ ਵਾਲਿਆਂ ਨੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਪੰਜ ਸੌ ਸਾਲਾ ਸ਼ਤਾਬਦੀ ਦੇ ਪਵਿੱਤਰ ਮੌਕੇ ‘ਤੇ ‘ਸ੍ਰੀ ਗੁਰੂ ਅੰਗਦ ਦੇਵ ਕਾਲਜ’ ਖਡੂਰ ਸਾਹਿਬ ਦਾ ਨੀਂਹ ਪੱਥਰ ਰੱਖਿਆ ਗਿਆ। ਇਸ ਕਾਲਜ ਦੀ ਸਥਾਪਨਾ ਉਸ ਪਵਿੱਤਰ ਧਰਤੀ ‘ਤੇ ਹੋਈ ਜਿੱਥੇ ਅੱਠ ਗੁਰੂ ਸਾਹਿਬਾਨ ਦੇ ਚਰਨ ਪਏ ਹਨ।

ਹਰ ਪੱਖ ਤੋਂ ਉਪਜਾਊ ਇਸ ਧਰਤੀ ‘ਤੇ ਉਸਰੇ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਲ ਸੰਬੰਧਤਾ ਪ੍ਰਾਪਤ ‘ਸ੍ਰੀ ਗੁਰੂ ਅੰਗਦ ਦੇਵ ਕਾਲਜ’ ਪਿਛਲੇ ਪੰਜ ਦਹਾਕਿਆਂ ਤੋਂ ਵੀ ਜ਼ਿਆਦਾ ਸਮੇਂ ਤੋਂ ਵਿੱਦਿਆ ਦਾ ਚਾਨਣ ਵੰਡ ਰਿਹਾ ਹੈ। ਉੱਘੇ ਵਾਤਾਵਰਨ ਪ੍ਰੇਮੀ, ਗੁਰਬਾਣੀ ਦੀ ਵਿਚਾਰਧਾਰਾ ਨੂੰ ਪ੍ਰਣਾਏ ਪਦਮ ਸ੍ਰੀ ਬਾਬਾ ਸੇਵਾ ਸਿੰਘ ਜੀ ਦੀ ਵਿੱਦਿਅਕ ਖੇਤਰ ਵਿੱਚ ਰੁਚੀ, ਪੰਜਾਬ ਅਤੇ ਪੰਜਾਬੀਅਤ ਦੀ ਤਰੱਕੀ ਦੀ ਚਾਹਤ, ਦੂਰ-ਅੰਦੇਸ਼ੀ ਅਤੇ ਯੋਗਦਾਨ ਸਦਕਾ ਇਹ ਕਾਲਜ ਕਈ ਕੀਰਤੀਮਾਨ ਸਥਾਪਿਤ ਕਰ ਚੁੱਕਾ ਹੈ। ਇਹਨਾਂ ਸਾਲਾਂ ਦੌਰਾਨ ਇਸ ਸੰਸਥਾ ਵੱਲੋਂ ਵਿੱਦਿਅਕ ਦੇ ਖੇਤਰ ਦੇ ਨਾਲ ਨਾਲ ਖੇਡਾਂ, ਵਾਤਾਵਰਨ, ਸਮਾਜਿਕ-ਸਭਿਆਚਾਰਕ ਸਰਗਰਮੀਆਂ ਦੇ ਖੇਤਰ ਵਿੱਚ ਨਿਭਾਈ ਭੂਮਿਕਾ ਕਾਰਨ ਮਿਸਾਲੀ ਪੈੜਾਂ ਪਾ ਚੁੱਕਿਆ ਹੈ।

ਵਿਸ਼ਵ ਦੀਆਂ ਬਦਲਦੀਆਂ ਪ੍ਰਸਥਿਤੀਆਂ ਨੇ ਵਿਦਿਅਕ ਖੇਤਰ ਵਿੱਚ ਵੀ ਚੁਣੌਤੀਆਂ ਖੜ੍ਹੀਆਂ ਕੀਤੀਆਂ ਹਨ। ਕਾਲਜ ਇਨ੍ਹਾਂ ਚੁਣੌਤੀਆਂ ਨੂੰ ਖਿੜੇ ਮੱਥੇ ਸਵੀਕਾਰ ਕਰਨ ਅਤੇ ਵਿਦਿਆਰਥੀਆਂ ਦੀ ਸੋਚ ਨੂੰ ਵਿਸ਼ਵ ਪੱਧਰੀ ਅਤੇ ਸਮੇਂ ਦੀ ਹਾਣੀ ਬਣਾਉਣ ਲਈ ਯਤਨਸ਼ੀਲ ਹੈ। ਕਾਲਜ ਦੀ ਸਮੁੱਚੀ ਪ੍ਰਬੰਧਕੀ ਕਮੇਟੀ ਅਤੇ ਸਟਾਫ਼ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ। ਕਾਲਜ ਦੀ ਧਾਰਨਾ ਹੈ ਕਿ ਹਰ ਬੱਚੇ ਵਿੱਚ ਹੀ ਕੋਈ ਨਾ ਕੋਈ ਕਾਬਲੀਅਤ ਜ਼ਰੂਰ ਹੁੰਦੀ ਹੈ ਜੇ ਉਸ ਨੂੰ ਇੱਕ ਅਜਿਹਾ ਅਧਿਆਪਕ ਅਤੇ ਮਾਹੌਲ ਮਿਲ ਜਾਵੇ ਜੋ ਉਸਦੀ ਰੁਚੀ ਤੇ ਯੋਗਤਾ ਨੂੰ ਪਛਾਣ ਕੇ ਨਿਖਾਰ ਦੇਵੇ ਤਾਂ ਉਹ ਦੁਨੀਆਂ ਵਿੱਚ ਵਿਲੱਖਣ ਪਹਿਚਾਣ ਬਣਾ ਸਕਦਾ ਹੈ। ਕਾਲਜ ਦੀ ਸਦਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਵਿਦਿਆਰਥੀਆਂ ਨੂੰ  ਉਨ੍ਹਾਂ ਦੀਆਂ ਰੁਚੀਆਂ ਪਛਾਣ ਕੇ ਉਸੇ ਅਨੁਸਾਰ ਮਾਹੌਲ ਸਿਰਜ ਕੇ ਕਾਬਲ ਤੇ ਕਾਮਯਾਬ ਸ਼ਖ਼ਸੀਅਤ ਬਣਾਉਣ ਵਿੱਚ ਯੋਗਦਾਨ ਪਾ ਸਕੇ। ਸ੍ਰੀ ਗੁਰੂ ਅੰਗਦ ਦੇਵ ਕਾਲਜ, ਸਿਹਤਮੰਦ ਅਤੇ ਖੁਸ਼ਹਾਲ ਪੰਜਾਬ ਅਤੇ ਲੋਕਾਈ ਦੀ ਸਿਰਜਣਾ ਲਈ ਯਤਨਸ਼ੀਲ ਹੈ। ਅਜਿਹੇ ਯਤਨਾਂ ਦੀ ਪੂਰਤੀ ਲਈ ਆਓ ਆਪਾਂ ਸਾਰੇ ਰਲ ਮਿਲ ਕੇ ਹੰਭਲਾ ਮਾਰੀਏ।