ਬਾਬਾ ਉੱਤਮ ਸਿੰਘ ਜੀ ਵੱਲੋਂ ਸਥਾਪਿਤ ਅਤੇ ਬਾਬਾ ਸੇਵਾ ਸਿੰਘ ਜੀ ਦੀ ਸਰਪ੍ਰਸਤੀ ਹੇਠ ਚੱਲ ਰਹੇ ਸ੍ਰੀ ਗੁਰੂ ਅੰਗਦ ਦੇਵ ਕਾਲਜ, ਖਡੂਰ ਸਾਹਿਬ ਦੇ ‘ਧਰਮ ਅਧਿਐਨ ਵਿਭਾਗ’ ਦੁਆਰਾ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰੱਖਦਿਆਂ ਇਸ ਸੰਦਰਭ ਵਿੱਚ ਵਿਸ਼ੇਸ਼ ਲੈਕਚਰ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਧਰਮ ਅਧਿਐਨ ਵਿਭਾਗ ਦੇ ਮੁਖੀ ਪ੍ਰੋ.ਜਸਮੀਤ ਸਿੰਘ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਪਾਦਕ ਕਲਾ ਦੇ ਇਤਿਹਾਸਕ ਪੱਖਾਂ ਬਾਰੇ ਵਿਸਤ੍ਰਿਤ ਜਾਣਕਾਰੀ ਸਾਂਝਿਆਂ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੁੱਚੀ ਬਾਣੀ ਵਿਸ਼ਵ ਭਾਈਚਾਰੇ ਦੀ ਵਜਾਹਤ ਕਰਦੀ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਨਿਰੋਲ ਸ਼ਬਦ,ਬ੍ਰਹਮ ਗਿਆਨ ਦੀ ਮਹਿਮਾ ਦਾ ਇੱਕ ਗ੍ਰੰਥ ਹੈ। ਪੰਜਵੇਂ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਸ ਦੀ ਸੰਪਾਦਨਾ ਕਰਵਾਈ ਅਤੇ ਇਸ ਵਿੱਚ ਕੁੱਲ 36 ਬਾਣੀਕਾਰਾਂ ਦੀ ਬਾਣੀ ਦਰਜ ਕਰਕੇ ਇੱਕ ਮਹਾਨ ਗ੍ਰੰਥ ਦੀ ਸਾਜਨਾ ਕੀਤੀ।ਜਿਸ ਦੇ ਲਿਖਾਰੀ ਭਾਈ ਗੁਰਦਾਸ ਜੀ ਸਨ। ਇਸ ਤੋਂ ਇਲਾਵਾ ਪ੍ਰੋ.ਸਾਹਿਬ ਨੇ ਗੁਰਬਾਣੀ ਅਧਾਰਿਤ ਵਿਦਿਆਰਥੀਆਂ ਕੋਲੋਂ ਕਈ ਪ੍ਰਸ਼ਨ ਵੀ ਪੁੱਛੇ ਜਿਸ ਦਾ ਵਿਦਿਆਰਥੀਆਂ ਨੇ ਬੜੇ ਭਾਵਪੂਰਤ ਰੂਪ ਵਿੱਚ ਉੱਤਰ ਦਿੱਤਾ। ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਬਲਵੰਤ ਸਿੰਘ ਸੰਧੂ ਜੀ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਮੁੱਚੇ ਵਿਸ਼ਵ ਵਿੱਚ ਇੱਕ ਵੱਡੀ ਮਹੱਤਤਾ ਰੱਖਦਾ ਹੈ।ਸਿੱਖ ਆਪਣੀ ਯੋਗ ਅਗਵਾਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕੋਲੋਂ ਹੀ ਲੈਂਦਾ ਹੈ।ਇਸ ਲਈ ਸਾਨੂੰ ਵੀ ਆਪਣੇ ਜੀਵਨ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਗੁਰੂ ਸ਼ਬਦ ਦਾ ਓਟ ਆਸਰਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਪ੍ਰਿੰਸੀਪਲ ਸਾਹਿਬ ਜੀ ਨੇ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਅਤੇ ਸਬੰਧਿਤ ਅਧਿਆਪਕ ਸਾਹਿਬਾਨ ਨੂੰ ਅੱਜ ਦੇ ਮੁਕੱਦਸ ਦਿਨ ਲਈ ਵਧਾਈ ਦਿੱਤੀ। ਇਸ ਸਮੇਂ ਪ੍ਰੋ.ਜਸਪਾਲ ਸਿੰਘ, ਪ੍ਰੋ.ਮੇਜਰ ਸਿੰਘ, ਪ੍ਰੋ.ਹਰਦੇਵ ਸਿੰਘ ਅਤੇ ਡਾ.ਜਤਿੰਦਰ ਕੌਰ ਹਾਜ਼ਰ ਰਹੇ।
Subscribe Now
Don’t miss our future updates! Get Subscribed Today!
©2023. IT DEPARTMENT, NISHAN-E-SIKHI, KHADUR SAHIB.. All Rights Reserved.